ਅਦਾਲਤ ਨੇ ਮਜੀਠੀਆ ਨੂੰ ਜੇਲ੍ਹ ਭੇਜਿਆ

By | February 26, 2022

ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਵਕੀਲਾਂ ਦਮਨਬੀਰ ਸਿੰਘ ਸੋਬਤੀ, ਐੱਚ.ਐੱਸ. ਧਨੋਆ ਅਤੇ ਬੀਰਇੰਦਰਪਾਲ ਸਿੰਘ ਨਾਲ ਅੱਜ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਸਿੰਗਲਾ ਦੀ ਅਦਾਲਤ ਵਿੱਚ ਪਹੁੰਚ ਕੇ ਆਤਮ-ਸਮਰਪਣ ਕੀਤਾ ਅਤੇ ਪੱਕੀ ਜ਼ਮਾਨਤ ਲਈ ਨਵੇਂ ਸਿਰਿਓਂ ਅਰਜ਼ੀ ਦਾਇਰ ਕੀਤੀ। ਅਦਾਲਤ ਨੇ ਅਕਾਲੀ ਆਗੂ ਨੂੰ 8 ਮਾਰਚ ਤੱਕ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ। ਇਸ ਦੌਰਾਨ ਪੰਜਾਬ ਸਰਕਾਰ ਤੇ ਪੁਲੀਸ ਵੱਲੋਂ ਸਰਕਾਰੀ ਵਕੀਲ ਸੰਜੀਵ ਬੱਤਰਾ ਅਦਾਲਤ ਵਿਚ ਪੇਸ਼ ਹੋਏ।

ਲੰਘੀ 31 ਜਨਵਰੀ ਨੂੰ ਸੁਪਰੀਮ ਕੋਰਟ ਨੇ 23 ਫਰਵਰੀ ਤੱਕ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਰੋਕ ਲਗਾਈ ਸੀ। ਸੁਪਰੀਮ ਕੋਰਟ ਨੇ ਮਜੀਠੀਆ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਹੇਠਲੀ ਅਦਾਲਤ ਵਿੱਚ ਜੱਜ ਦੇ ਸਾਹਮਣੇ ਨਿੱਜੀ ਤੌਰ ’ਤੇ ਪੇਸ਼ ਹੋ ਕੇ ਪੱਕੀ ਜ਼ਮਾਨਤ ਲਈ ਅਰਜ਼ੀ ਦਾਇਰ ਕਰਨ, ਜਿਸ ਅਨੁਸਾਰ ਅਕਾਲੀ ਆਗੂ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਹੋਇਆ। ਮਜੀਠੀਆ ਨੇ ਆਪਣੀ ਪੱਕੀ ਜ਼ਮਾਨਤ ਲਈ ਅਦਾਲਤ ’ਚ ਅਰਜ਼ੀ ਦਾਇਰ ਕੀਤੀ। ਇਸ ਦੌਰਾਨ ਪੁਲੀਸ ਨੇ ਮਜੀਠੀਆ ਕੋਲੋਂ ਪੁੱਛਗਿਛ ਕਰਨ ਲਈ ਅਦਾਲਤ ਤੋਂ ਸਮਾਂ ਮੰਗਿਆ ਤਾਂ ਅਦਾਲਤ ਨੇ ਪੁਲੀਸ ਨੂੰ ਅਕਾਲੀ ਆਗੂ ਕੋਲੋਂ ਪੁੱਛਗਿਛ ਕਰਨ ਲਈ ਸਮਾਂ ਦੇ ਦਿੱਤਾ। ਪੰਜਾਬ ਪੁਲੀਸ ਦੇ ਏਆਈਜੀ ਤੇ ਸਿੱਟ ਦੇ ਮੁਖੀ ਬਲਰਾਜ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤੀ ਕੰਪਲੈਕਸ ਦੇ ਗਾਰਦ ਰੂਮ ’ਚ ਹੀ ਮਜੀਠੀਆ ਕੋਲੋਂ ਸਵੇਰੇ 11: 45 ਵਜੇ ਤੋਂ ਲੈ ਕੇ ਬਾਅਦ ਦੁਪਹਿਰ 1.15 ਵਜੇ ਤੱਕ ਪੁੱਛਗਿਛ ਕੀਤੀ।

ਮਜੀਠੀਆ ਕੋਲੋਂ ਕਿੰਨੇ ਅਤੇ ਕਿਹੜੇ ਸਵਾਲ ਪੁੱਛੇ ਗਏ, ਬਾਰੇ ਕੋਈ ਅਧਿਕਾਰੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ ਪਰ ਸੂਤਰਾਂ ਅਨੁਸਾਰ ਸਿੱਟ ਦੇ ਮੈਂਬਰਾਂ ਨੇ ਮਜੀਠੀਆ ਕੋਲੋਂ ਨਸ਼ਾ ਤਸਕਰੀ ਮਾਮਲੇ ਸਬੰਧੀ ਐੱਫ਼ਆਈਆਰ ਵਿੱਚ ਦਰਜ ਵੇਰਵਿਆਂ ਨੂੰ ਆਧਾਰ ਬਣਾ ਕੇ ਲਗਪਗ ਪੁਰਾਣੇ ਸਵਾਲ ਹੀ ਕੀਤੇ। ਮਜੀਠੀਆ ਕੋਲੋਂ ਉਸ ਦੇ ਬੈਂਕ ਖਾਤਿਆਂ ਬਾਰੇ ਵੀ ਪੁੱਛਗਿਛ ਕੀਤੀ ਗਈ। ਉੱਧਰ, ਅਕਾਲੀ ਆਗੂ ਨੇ ਵੀ ਪਹਿਲਾਂ ਵਾਂਗ ਗੋਲ-ਮੋਲ ਜਵਾਬ ਹੀ ਦਿੱਤੇ। ਪੁੱਛਗਿਛ ਤੋਂ ਬਾਅਦ ਮਜੀਠੀਆ ਨੂੰ ਇਲਾਕਾ ਮੈਜਿਸਟਰੇਟ ਮੁਕੇਸ਼ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਹਿਜ਼ ਪੰਜ ਕੁ ਮਿੰਟ ਦੀ ਸੁਣਵਾਈ ਮਗਰੋਂ ਅਕਾਲੀ ਆਗੂ ਨੂੰ 8 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਉੱਧਰ, ਬਾਅਦ ਦੁਪਹਿਰ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਸਿੰਗਲਾ ਦੀ ਅਦਾਲਤ ਵਿੱਚ ਮਜੀਠੀਆ ਦੀ ਪੱਕੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਹੋਈ। ਅਕਾਲੀ ਆਗੂ ਨੇ ਆਪਣੀ ਅਰਜ਼ੀ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਸ ਨੂੰ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਨਸ਼ਾ ਤਸਕਰੀ ਦੇ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ ਅਤੇ ਉਸ ਵਿਰੁੱਧ ਗੈਰਕਾਨੂੰਨੀ ਤਰੀਕੇ ਨਾਲ ਇਹ ਕੇਸ ਦਰਜ ਕੀਤਾ ਗਿਆ ਹੈ ਜਦੋਂਕਿ ਇਸ ਮਾਮਲੇ ਵਿੱਚ ਕੋਈ ਸ਼ਿਕਾਇਤਕਰਤਾ ਵੀ ਨਹੀਂ ਹੈ। ਮਜੀਠੀਆ ਅਨੁਸਾਰ ਨਸ਼ਾ ਤਸਕਰੀ ਮਾਮਲੇ ਵਿੱਚ ਪੁਲੀਸ ਪਹਿਲਾਂ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਹੜ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾ ਭੁਗਤ ਰਹੇ ਹਨ। ਉੱਧਰ, ਸਰਕਾਰੀ ਵਕੀਲ ਦਾ ਕਹਿਣਾ ਸੀ ਕਿ ਮਜੀਠੀਆ ਖ਼ਿਲਾਫ਼ ਤੱਥਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਭਲਕੇ 25 ਫਰਵਰੀ ਤੱਕ ਟਾਲ ਦਿੱਤੀ ਅਤੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਸੰਮਨ ਭੇਜ ਕੇ ਆਪਣਾ ਪੱਖ ਰੱਖਣ ਤੇ ਮਜੀਠੀਆ ਕੇਸ ਨਾਲ ਸਬੰਧਤ ਲੋੜੀਂਦਾ ਰਿਕਾਰਡ ਪੇਸ਼ ਕਰਨ ਲਈ ਕਿਹਾ। ਅਦਾਲਤੀ ਕਾਰਵਾਈ ਤੋਂ ਬਾਅਦ ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਜੀਠੀਆ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਪਰੰਤ ਉਸ ਨੂੰ ਜੇਲ੍ਹ ਭੇਜਿਆ ਗਿਆ। ਇਸ ਮੌਕੇ ਅਕਾਲੀ ਵਿਧਾਇਕ ਐੱਨ.ਕੇ. ਸ਼ਰਮਾ, ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਸੀਨੀਅਰ ਅਕਾਲੀ ਆਗੂ ਗੁਰਦੇਵ ਸਿੰਘ ਨੋਨੀ ਮਾਨ, ਰੋਜੀ ਬਰਕੰਦੀ, ਪਰਵਿੰਦਰ ਸਿੰਘ ਸੋਹਾਣਾ, ਸਰਬਜੀਤ ਸਿੰਘ ਸਾਬੀ ਤੇ ਅਮਨ ਪੂਨੀਆ ਆਦਿ ਆਗੂ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇੱਥੋਂ ਦੇ ਫੇਜ਼-4 ਸਥਿਤ ਪੰਜਾਬ ਪੁਲੀਸ ਦੇ ਸਟੇਟ ਕ੍ਰਾਈਮ ਵਿੰਗ ਥਾਣੇ ਵਿੱਚ ਬਿਕਰਮ ਸਿੰਘ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਮਾਮਲੇ ਵਿੱਚ ਅਪਰਾਧਿਕ ਕੇਸ ਦਰਜ ਕੀਤਾ ਗਿਆ ਸੀ।

Leave a Reply

Your email address will not be published.