
ਪਟਿਆਲਾ ਦੇ ਨਾਭਾ ਰੋਡ ਸਥਿਤ ਭਾਖੜਾ ਨਹਿਰ ਵਿਚੋਂ ਗੋਤਾਖੋਰਾਂ ਨੂੰ 9 ਸਾਲ ਦੇ ਇਕ ਲੜਕੇ ਦੀ ਮ੍ਰਿਤਕ ਦੇਹ ਤੈਰਦੀ ਹੋਈ ਮਿਲੀ ਹੈ। ਗੋਤਾਖੋਰ ਪਹਿਲਾਂ ਹੀ ਇੱਥੇ ਮੌਜੂਦ ਸਨ। ਤੈਰਦੀ ਹੋਈ ਮਿ੍ਤਕ ਦੇਹ ਦੇਖ ਕੇ ਉਨ੍ਹਾਂ ਨੇ ਬਾਹਰ ਕੱਢ ਲਈ ਅਤੇ ਥਾਣਾ ਮਾਡਲ ਟਾਊਨ ਦੀ ਪੁਲਿਸ ਨਾਲ ਸੰਪਰਕ ਕੀਤਾ। ਇਸ ਮ੍ਰਿਤਕ ਬੱਚੇ ਦੀ ਪਛਾਣ ਸੁਖਮਨਵੀਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮਿਲੀ ਹੈ ਕਿ 9 ਸਾਲਾ ਸੁਖਮਨਵੀਰ ਸਿੰਘ ਅਤੇ ਉਸ ਦੀ 12 ਸਾਲਾ ਭੈਣ ਹਰਨੂਰ ਕੌਰ
ਨੂੰ ਉਨ੍ਹਾਂ ਦੇ 38 ਸਾਲਾ ਪਿਤਾ ਰਣਬੀਰ ਸਿੰਘ ਨੇ ਕੁੱਤੇ ਵਾਲੀ ਸੰਗਲੀ ਨਾਲ ਬੰਨ੍ਹ ਕੇ ਸੌਂਡਾ ਹੈੱਡ ਵਿਖੇ ਨਹਿਰ ਵਿਚ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਰਣਬੀਰ ਸਿੰਘ ਨੇ ਖ਼ੁਦ ਆਪਣੀ ਜਾਨ ਦੇ ਦਿੱਤੀ ਸੀ। ਇਹ ਘਟਨਾ 9 ਤਰੀਕ ਦੀ ਹੈ। ਮੰਡੀ ਗੋਬਿੰਦਗੜ੍ਹ ਦੀ ਪੁਲਿਸ ਇਸ ਬਾਰੇ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਣਬੀਰ ਸਿੰਘ ਨੇ ਜ਼ਮੀਨ ਦਾ ਪੂਰਾ ਹਿੱਸਾ ਨਾ ਮਿਲਣ ਕਾਰਨ ਇਹ ਕਦਮ ਚੁੱਕਿਆ ਸੀ। ਉਸ ਦੇ ਹਿੱਸੇ ਵੱਧ ਜ਼ਮੀਨ ਆਉਂਦੀ ਸੀ ਪਰ ਉਸ ਨੂੰ ਘੱਟ ਜ਼ਮੀਨ ਦਿੱਤੀ ਗਈ ਸੀ।
ਜਿਸ ਕਰਕੇ ਪਹਿਲਾਂ ਉਸ ਨੇ ਆਪਣੇ ਬੱਚਿਆਂ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਫੇਰ ਆਪਣੀ ਜਾਨ ਦੇ ਦਿੱਤੀ। ਮਿ੍ਤਕ ਬੱਚੇ ਸੁਖਮਨਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਹਾਸਲ ਕਰਨ ਲਈ ਉਸ ਦਾ ਨਾਨਾ ਬਲਵਿੰਦਰ ਸਿੰਘ ਅਤੇ ਫੁੱਫੜ ਮੌਕੇ ਤੇ ਪਹੁੰਚੇ ਹਨ। ਜਿੱਥੇ ਥਾਣਾ ਮਾਡਲ ਟਾਊਨ ਪਟਿਆਲਾ ਦੀ ਪੁਲਿਸ ਮੌਕੇ ਤੇ ਹਾਜ਼ਰ ਹੈ ਉੱਥੇ ਹੀ ਮਾਮਲੇ ਦੀ ਜਾਂਚ ਕਰ ਰਹੀ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਵੀ ਪਟਿਆਲਾ ਵਿਖੇ ਭਾਖੜਾ ਨਹਿਰ ਦੇ ਪੁਲ ਤੇ ਪਹੁੰਚ ਰਹੀ ਹੈ।